ਪੰਜਾਬ

ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਗਰੂਰ 'ਚ ਅਮਨ ਮਾਰਚ 

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ  | May 14, 2025 07:11 PM
 
 
ਸੰਗਰੂਰ- ਦੇਸ਼ ਵਿੱਚ ਬਣੇ ਜੰਗ ਦੇ ਮਾਹੌਲ਼ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨ ਦਾਣਾ ਮੰਡੀ ਵਿੱਚ ਇਕੱਠੇ ਹੋਏ ਅਤੇ ਉਥੇ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਾਜਾਰਾਂ ਵਿਚ ਅਮਨ ਮਾਰਚ ਕੱਢਿਆ ਗਿਆ ਅਤੇ ਜੰਗਬਾਜ਼ ਤਾਕਤਾਂ ਨੂੰ ਜੰਗ ਦਾ ਮਾਹੌਲ਼ ਬਣਾਉਣ ਤੋਂ ਬਾਜ਼ ਆਉਣ ਦੀ ਚੇਤਾਵਨੀ ਦਿੱਤੀ ਗਈ ਅਤੇ ਲੋਕਾਂ ਨੂੰ ਇਹਨਾਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ‌ ਅੱਜ ਦਾਣਾ ਮੰਡੀ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਵਾਲ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲਾ ਸਕੱਤਰ ਜਗਤਾਰ ਸਿੰਘ ਦੁੱਗਾਂ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਜਿਲਾ ਆਗੂ ਨਿਰੰਜਨ ਸਿੰਘ ਸਫੀਪੁਰ ਨੇ ਦੱਸਿਆ ਕਿ ਦੇਸ਼ ਵਿੱਚ ਜੋ ਪਿਛਲੇ ਦਿਨਾਂ ਵਿੱਚ ਜੰਗ ਦਾ ਮਾਹੌਲ ਬਣਿਆ ਇਸ ਮਾਹੌਲ ਲਈ ਦੇਸ਼ ਦੇ ਹਾਕਮਾਂ ਦੀਆਂ ਜੰਗਬਾਜ਼ ਨੀਤੀਆਂ ਜਿੰਮੇਵਾਰ ਹਨ੍। ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਦੇ ਕਤਲੇਆਮ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਸੁਰੱਖਿਆ ਏਜੰਸੀਆਂ ਦੀ ਚੇਤਾਵਨੀ ਦੇ ਬਾਵਜੂਦ ਵੱਡੀ ਗਿਣਤੀ ਸੈਲਾਨੀਆਂ ਦੀ ਆਮਦ ਵਾਲੇ ਖੇਤਰ ਵਿਚੋਂ ਸੁਰੱਖਿਆ ਕਿਉਂ ਹਟਾਈ ਗਈ ਪਰ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਪੂਰਾ ਕਰਨ ਲਈ ਦੇਸ਼ ਵਿੱਚ ਜੰਗ ਦਾ ਮਾਹੌਲ ਬਣਾਇਆ ਗਿਆ ਅਤੇ ਸੋਸ਼ਲ ਮੀਡੀਆ ਉੱਪਰ ਫਿਰਕੂ ਹਨੇਰੀ ਝੁਲਾ ਕੇ ਇੱਕ ਫਿਰਕੇ ਵਿਸ਼ੇਸ਼ ਦੇ ਲੋਕਾਂ ਖਿਲਾਫ ਨਫਰਤ ਦਾ ਮਾਹੌਲ ਪੈਦਾ ਕੀਤਾ ਗਿਆ। ਜਿਸ ਨਾਲ ਦੇਸ਼ ਵਿੱਚ ਅਣਸੁਖਾਵਾਂ ਮਾਹੌਲ ਬਣਿਆ। 
 
ਆਗੂਆਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਜੰਗ ਨਹੀਂ ਰੁਜ਼ਗਾਰ, ਇਲਾਜ, ਪੜ੍ਹਾਈ ਦੀਆਂ ਸਹੂਲਤਾਂ ਅਤੇ ਜਮਹੂਰੀ ਮਾਹੌਲ ਦੀ ਲੋੜ ਹੈ। ਸਾਡੇ ਦੇਸ਼ ਦੇ ਹਾਕਮ ਸਾਮਰਾਜੀ ਹਾਕਮਾਂ ਦੀ ਅਧੀਨਗੀ ਕਬੂਲਦਿਆਂ ਜਿੱਥੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਕਰ ਰਹੇ ਹਨ ਉਥੇ ਹੀ ਦੋਵਾਂ ਦੇਸ਼ਾਂ ਵਿਚਕਾਰ ਅਮਰੀਕਾ ਦੁਆਰਾ ਜੰਗਬੰਦੀ ਕਰਵਾਉਣਾ ਵੀ ਸਾਬਿਤ ਕਰਦਾ ਹੈ ਕਿ ਸਾਡੇ ਦੇਸ਼ ਦੇ ਹਾਕਮ ਅਮਰੀਕੀ ਸਾਮਰਾਜ ਅਤੇ ਹੋਰ ਸਾਮਰਾਜੀ ਦੇਸ਼ਾਂ ਦੀ ਅਧੀਨਗੀ ਤਹਿਤ ਕੰਮ ਕਰ ਰਹੇ ਹਨ। ਇਹ ਸਾਮਰਾਜੀ ਤਾਕਤਾਂ ਕਦੇ ਵੀ ਲੋਕ ਹਿੱਤ ਵਿੱਚ ਨਹੀਂ ਹੋ ਸਕਦੀਆਂ।ਕਿਰਤੀ ਲੋਕਾਂ ਨੂੰ ਇਹਨਾਂ ਜੰਗਬਾਜ਼ ਸਾਮਰਾਜੀ ਤਾਕਤਾਂ ਖਿਲਾਫ ਇੱਕਜੁੱਟ ਸੰਘਰਸ਼ ਦੀ ਲੋੜ ਹੈ।
 
ਰੈਲੀ ਕਰਨ ਉਪਰੰਤ ਦਾਣਾ ਮੰਡੀ ਤੋਂ ਭਗਤ ਸਿੰਘ ਚੌਂਕ, ਵੱਡੇ ਚੌਂਕ ਹੁੰਦੇ ਹੋਏ ਬੱਸ ਸਟੈਂਡ ਤੱਕ ਅਮਨ ਮਾਰਚ ਕੱਢ ਕੇ ਲੋਕਾਂ ਨੂੰ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ ਤੇ ਜੰਗਬਾਜ਼ ਹਾਕਮਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ। ਦਾਣਾ ਮੰਡੀ ਵਿੱਚ ਹੋਈ ਰੈਲੀ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਸ਼ਮੀਰ ਸਿੰਘ ਘਰਾਚੋਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਇੰਦਰਪਾਲ ਸਿੰਘ ਪੁੰਨਾਵਾਲ, ਬੀਕੇਯੂ ਡਕੌਂਦਾ ਬੁਰਜਗਿੱਲ ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਕੁਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਜਿਲਾ ਆਗੂ ਨਿਰਮਲ ਸਿੰਘ ਬਟੜਿਆਣਾ, ਹਰਮੇਲ ਸਿੰਘ ਮਹਿਰੋਕ, ਦਰਬਾਰਾ ਸਿੰਘ ਛਾਜਲਾ, ਦਰਸ਼ਨ ਸਿੰਘ ਕੁੰਨਰਾਂ, ਰਣਧੀਰ ਸਿੰਘ ਭੱਟੀਵਾਲ, ਮਹਿੰਦਰ ਸਿੰਘ ਭੱਠਲ, ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਵੀ ਸੰਬੋਧਨ ਕੀਤਾ।

Have something to say? Post your comment

 

ਪੰਜਾਬ

ਸੂਬੇ ਦੀਆਂ ਮੰਡੀਆਂ ਵਿੱਚੋਂ 128.91 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ – ਹਰਚੰਦ ਸਿੰਘ ਬਰਸਟ

ਸਿੱਖਿਆ ਮੰਤਰੀ ਬੈਂਸ ਵੱਲੋਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥੀਆਂ ਨੂੰ ਵਧਾਈ

ਪੰਜਾਬ: 12ਵੀਂ ਦੇ ਨਤੀਜੇ ਜਾਰੀ, ਕੁੜੀਆਂ ਨੇ ਮੁੰਡਿਆਂ ਨੂੰ ਪਛਾੜਿਆ

ਭ੍ਰਿਸ਼ਟਾਚਾਰ ਦਾ ਲਾਇਸੈਂਸ ਲੈਣ ਵਾਲਿਆਂ ਅੱਗੇ ਨਹੀਂ ਝੁਕੀ ਸਰਕਾਰ- ਮੁੱਖ ਮੰਤਰੀ

ਲੋਕ ਪੱਖੀ ਤੇ ਵਿਕਾਸ ਮੁਖੀ ਨੀਤੀਆਂ ਨਾਲ ਤਰੱਕੀ ਨੂੰ ਰਫਤਾਰ ਦੇ ਰਹੇ ਹਾਂ: ਮੁੱਖ ਮੰਤਰੀ

ਬਿੱਟੂ ਆਪਣੇ ਰਾਜਨੀਤਿਕ ਆਗੂਆਂ ਨੂੰ ਖ਼ੁਸ਼ ਕਰਨ ਲਈ ਰੋਜ਼ਾਨਾ ਮੇਰੇ ਵਿਰੁੱਧ ਜ਼ਹਿਰ ਉਗਲਦਾ ਹੈ: ਮੁੱਖ ਮੰਤਰੀ

ਪਾਣੀਆਂ ਦੇ ਮਸਲੇ ’ਤੇ ਹਾਈ ਕੋਰਟ ਦਾ ਫੈਸਲਾ ਸੂਬੇ ਲਈ ਨੈਤਿਕ ਜਿੱਤ-ਮੁੱਖ ਮੰਤਰੀ

ਵਿੱਤ ਮੰਤਰੀ ਚੀਮਾ ਨੇ ਉਠਾਈ ਹੂਚ ਦੁਖਾਂਤਾਂ ਬਾਰੇ ਆਵਾਜ਼ : ਮੀਥੇਨੌਲ ਦੀ ਦੁਰਵਰਤੋਂ 'ਤੇ ਕੇਂਦਰ ਨੂੰ ਲਿਖਿਆ ਪੱਤਰ

ਬਾਬਾ ਭਜਨ ਸਿੰਘ ਤੇ ਪਿੰਡ ਭੂਸੇ ਦੀ ਸੰਗਤ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਰਸਦਾਂ ਭੇਟ

18 ਮਈ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਵੇਗਾ